ਗੁਰੂ ਕਾ ਬਾਗ਼ ਮੋਰਚਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ ਕਾ ਬਾਗ਼ ਮੋਰਚਾ: 1920 ਦੇ ਮੁੱਢ ਵਿਚ ਸ਼ੁਰੂ ਹੋਏ ਸਿੱਖ ਸੰਘਰਸ਼ਾਂ ਵਿਚੋਂ ਸਿੱਖਾਂ ਦਾ ਇਕ ਪ੍ਰਮੁਖ ਮੋਰਚਾ ਸੀ ਜਿਸਨੂੰ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਜੋਂ ਚਲਾਇਆ ਸੀ। ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ , ਘੁੱਕੇਵਾਲੀ ਪਿੰਡ ਵਿਚ ਗੁਰੂ ਕਾ ਬਾਗ਼ ਵਿਖੇ ਦੋ ਇਤਿਹਾਸਿਕ ਗੁਰਦੁਆਰੇ ਨੇੜੇ-ਨੇੜੇ ਹਨ, ਇਹ ਦੋਵੇਂ ਗੁਰਦੁਆਰੇ, ਗੁਰੂ ਅਰਜਨ ਦੇਵ ਜੀ 1585 ਵਿਚ ਅਤੇ ਗੁਰੂ ਤੇਗ਼ ਬਹਾਦਰ ਜੀ ਦੀ 1664 ਵਿਚ ਇੱਥੇ ਆਉਣ ਦੀ ਯਾਦ ਨੂੰ ਬਰਕਰਾਰ ਬਣਾਈ ਰੱਖਣ ਲਈ ਬਣਾਏ ਗਏ ਹਨ। ਬਾਅਦ ਵਾਲਾ ਗੁਰਦੁਆਰਾ ਬਾਗ਼ ਵਾਲੀ ਜਗ੍ਹਾ ‘ਤੇ ਬਣਾਇਆ ਗਿਆ ਹੈ, ਜਿਸ ਉੱਪਰ ਹੀ ਇਸਦਾ ਨਾਮਕਰਨ ਕੀਤਾ ਗਿਆ ਹੈ। ਹੋਰ ਬਹੁਤ ਸਾਰੇ ਗੁਰਦੁਆਰਿਆਂ ਵਾਂਗ , ਇਹਨਾਂ ਦੋਵੇਂ ਗੁਰਦੁਆਰਿਆਂ ਦੇ ਪ੍ਰਬੰਧ ਦਾ ਕੰਮ ਉਦਾਸੀ ਸਿੱਖ ਮਹੰਤਾਂ ਦੇ ਹੱਥਾਂ ਵਿਚ ਚੱਲਾ ਗਿਆ ਸੀ। ਸਿੱਖ ਰਾਜ ਸਮੇਂ ਅਜਿਹੇ ਪਵਿੱਤਰ ਧਰਮ ਅਸਥਾਨਾਂ ਨੂੰ ਜਗੀਰਾਂ ਦੇ ਅਨੁਦਾਨ ਨੇ ਅਤੇ ਸ਼ਰਧਾਲੂਆਂ ਦੁਆਰਾ ਦਿੱਤੇ ਨਜ਼ਰਾਨਿਆਂ ਨੇ ਇਸਦੇ ਨਿਗਰਾਨਾਂ ਨੂੰ ਅਮੀਰ ਬਣਾ ਦਿੱਤਾ ਅਤੇ ਵਿਲਾਸਤਾ ਵੱਲ ਪ੍ਰਵਿਰਤ ਕਰ ਦਿੱਤਾ ਸੀ।

     1921 ਵਿਚ ਇਕ ਸੁੰਦਰ ਦਾਸ ਉਦਾਸੀ ਗੁਰੂ ਕਾ ਬਾਗ਼ ਦਾ ਮਹੰਤ ਸੀ। ਇਹ ਆਪਣੀਆਂ ਧਾਰਮਿਕ ਜ਼ੁੰਮੇ- ਵਾਰੀਆਂ ਨੂੰ ਠੀਕ ਤਰੀਕੇ ਨਾਲ ਨਹੀਂ ਨਿਭਾਅ ਰਿਹਾ ਸੀ ਅਤੇ ਗੁਰਦੁਆਰੇ ਦੀ ਧਨ ਦੌਲਤ ਦਾ ਦੁਰਉਪਯੋਗ ਕਰਦੇ ਹੋਏ ਵਿਲਾਸਤਾ ਭਰਪੂਰ ਜੀਵਨ ਬਤੀਤ ਕਰ ਰਿਹਾ ਸੀ। ਸੁਧਾਰਵਾਦੀ ਸਿੱਖਾਂ ਦੁਆਰਾ ਗੁਰਦੁਆਰੇ ਨੂੰ ਆਪਣੇ ਕਬਜ਼ੇ ਹੇਠ ਲੈਣ ਤੋਂ ਬਚਾਉਣ ਲਈ, ਇਸਨੇ ਕਿਸੇ ਤਰ੍ਹਾਂ 31 ਜਨਵਰੀ 1921 ਨੂੰ ਉਹਨਾਂ (ਸਿੱਖਾਂ) ਨਾਲ ਰਸਮੀ ਤੌਰ ‘ਤੇ ਇਹ ਵਾਅਦਾ ਕਰਦੇ ਹੋਏ ਦਸਤਖ਼ਤ ਕੀਤੇ ਕਿ ਇਹ ਨਵੀਂ ਸ਼ੁਰੂਆਤ ਕਰੇਗਾ ਅਤੇ ਖ਼ਾਲਸੇ ਦਾ ਅੰਮ੍ਰਿਤਪਾਨ ਕਰੇਗਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਿਯੁਕਤ ਗਿਆਰ੍ਹਾਂ (11) ਮੈਂਬਰੀ ਕਮੇਟੀ ਅਧੀਨ ਸੇਵਾ ਕਰੇਗਾ। ਬਲਕਿ ਦੇਖਣ ਵਿਚ ਇਹ ਆਇਆ ਕਿ ਕਿਸ ਤਰ੍ਹਾਂ ਸਰਕਾਰ ਹਰ ਜਗ੍ਹਾ ਮਹੰਤਾਂ ਦੀ ਸਹਾਇਤਾ ਕਰਦੀ ਸੀ, ਇਸਨੇ ਸਮਝੌਤੇ ਦੇ ਇਕ ਹਿੱਸੇ ਦਾ ਖੰਡਨ ਕੀਤਾ ਅਤੇ ਕਿਹਾ ਕਿ, ਭਾਵੇਂ ਇਸਨੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰ ਦਿੱਤਾ ਸੀ, ਪਰੰਤੂ ਜ਼ਮੀਨ ਦਾ ਉਹ ਅਸਥਾਨ ਜੋ ਗੁਰੂ ਕਾ ਬਾਗ਼ ਵਜੋਂ ਜਾਣਿਆ ਜਾਂਦਾ ਸੀ, ਉਹ ਅਜੇ ਵੀ ਇਸਦੀ ਸੰਪਤੀ ਦਾ ਹਿੱਸਾ ਸੀ। ਇਸਨੇ ਸਿੱਖਾਂ ਨਾਲ ਉਸ ਜ਼ਮੀਨ ‘ਚੋਂ ਲੰਗਰ ਲਈ ਲੱਕੜੀਆਂ ਕੱਟਣ ਲਈ ਇਤਰਾਜ਼ ਕੀਤਾ। ਪੁਲਿਸ , ਜਿਹੜੀ ਇਸਦੀ ਸਹਾਇਤਾ ਕਰਨ ਦੀ ਇੱਛੁਕ ਸੀ, 9 ਅਗਸਤ 1922 ਨੂੰ ਪੰਜ ਸਿੱਖਾਂ ਨੂੰ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਅਗਲੇ ਦਿਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਉੱਤੇ ਛੇਤੀ ਹੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਛੇ (6) ਮਹੀਨੇ ਦੀ ਸਖ਼ਤ ਸਜ਼ਾ ਸੁਣਾਈ ਗਈ। ਇਸਨੇ ਲਹਿਰ ਨੂੰ ਹੋਰ ਭੜਕਾ ਦਿੱਤਾ, ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਹਰ ਰੋਜ਼ ਪੰਜ ਸਿੱਖਾਂ ਦਾ ਇਕ ਜਥਾ ‘ਗੁਰਦੁਆਰਾ ਗੁਰੂ ਕਾ ਬਾਗ਼’ ਦੀ ਜ਼ਮੀਨ ਉੱਤੇ ਲੱਗੇ ਦਰਖ਼ਤਾਂ ਦੇ ਝੁੰਡ ਤੋਂ ਲੱਕੜੀਆਂ ਕੱਟਣ ਲਈ ਭੇਜਿਆ ਜਾਵੇਗਾ ਅਤੇ ਜੇ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਹ ਗ੍ਰਿਫ਼ਤਾਰੀ ਲਈ ਤਿਆਰ ਸਨ। 22 ਅਗਸਤ ਤੋਂ ਪੁਲਿਸ ਨੇ ਜਥਿਆਂ ਨੂੰ ਚੋਰੀ , ਦੰਗਾ ਅਤੇ ਅਪਰਾਧਕ ਉਲੰਘਣਾ ਦੇ ਦੋਸ਼ ਹੇਠਾਂ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਗ੍ਰਿਫ਼ਤਾਰੀਆਂ ਨੂੰ ਇਸ ਅੰਦੋਲਨ ਨੂੰ ਹੁਲਾਰਾ ਦਿੱਤਾ ਅਤੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਇਸ ਵਿਦਰੋਹ ਵਿਚ ਸ਼ਾਮਲ ਹੋਣ ਲਈ ਅੱਗੇ ਆਏ। 25 ਅਗਸਤ ਨੂੰ, ਅਮਾਵਸ ਵਾਲੇ ਦਿਨ, ਇਕੱਠ ਏਨਾ ਜ਼ਿਆਦਾ ਸੀ ਕਿ ਐਡੀਸ਼ਨਲ ਸੁਪਰੀਟੈਂਡੈਂਟ ਆਫ਼ ਪੁਲਿਸ, ਐਸ.ਜੀ.ਐਮ. ਬੈੱਟੀ ਨੇ ਇਸ ਭੀੜ ਨੂੰ ਲਾਠੀਚਾਰਜ ਦੁਆਰਾ ਤਿੱਤਰ-ਬਿੱਤਰ ਕਰਨ ਦਾ ਹੁਕਮ ਦਿੱਤਾ।

     ਸਰਕਾਰ ਦੇ ਅਤਿਆਚਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਜਥਿਆਂ ਦੇ ਆਕਾਰ ਨੂੰ ਵਧਾਉਣ ਲਈ ਮਜਬੂਰ ਕੀਤਾ। 26 ਅਗਸਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਠ (8) ਕਾਰਜਕਾਰੀ ਮੈਬਰਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਜ਼ਾਰੀ ਕਰ ਦਿੱਤੇ। ਤੇਜਾ ਸਿੰਘ ਸਮੁੰਦਰੀ ਦੀ ਪ੍ਰਧਾਨਗੀ ਹੇਠ ਬਣੀ ਹੋਈ ਐਕਸ਼ਨ ਕਮੇਟੀ ਨੇ ਹੁਣ ਇਸ ਅਕਾਲੀ ਮੋਰਚੇ ਦੀ ਜ਼ੁੰਮੇਵਾਰੀ ਲੈ ਲਈ। ਸਰਕਾਰ ਨੇ ਗੁਰੂ ਕਾ ਬਾਗ਼ ਵਿਖੇ ਲੋਕਾਂ ਦੇ ਇਕੱਠੇ ਹੋਣ ਉੱਤੇ ਪਾਬੰਦੀ ਲਾ ਦਿੱਤੀ ਅਤੇ ਸੜਕ ‘ਤੇ ਪੁਲਿਸ ਚੌਂਕੀਆਂ ਬਣਾ ਦਿੱਤੀਆਂ ਅਤੇ ਸੇਵਕਾਂ ਨੂੰ ਅੰਮ੍ਰਿਤਸਰ ਪਹੁੰਚਣ ਲਈ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ। ਫਿਰ ਵੀ ਕਾਲੀਆਂ ਪੱਗਾਂ ਬੰਨ੍ਹੀ ਅਕਾਲੀਆਂ ਦੇ ਜਥੇ ਪਵਿੱਤਰ ਬਾਣੀ ਨੂੰ ਉਚਾਰਦੇ ਹੋਏ ਹਰ ਰੋਜ਼ ਉਸ ਅਸਥਾਨ ‘ਤੇ ਪਹੁੰਚ ਰਹੇ ਸਨ। ਉਹਨਾਂ ਨੂੰ ਪੁਲਿਸ ਦੁਆਰਾ ਬਹੁਤ ਬੇਰਹਿਮੀ ਨਾਲ ਉਦੋਂ ਤਕ ਕੁੱਟਿਆ ਜਾਂਦਾ ਜਦੋਂ ਤਕ ਉਹ ਜ਼ਮੀਨ ਤੇ ਡਿੱਗ ਨਹੀਂ ਪੈਂਦੇ ਸੀ। ਇਹ ਹਰ ਰੋਜ਼ ਲਗਾਤਾਰ ਵਾਪਰ ਰਿਹਾ ਸੀ। ਰਾਜਨੀਤਿਕ ਨੇਤਾ, ਸਮਾਜ ਸੇਵਕ ਅਤੇ ਪੱਤਰਕਾਰ ਇਸ ਨੂੰ ਦੇਖਣ ਆਏ ਸਨ ਜਿਸ ਬਾਰੇ ਇਹ ਬਿਓਰਾ ਦਿੱਤਾ ਜਾ ਰਿਹਾ ਸੀ ਕਿ ਇਹ ਵਿਦਰੋਹ ਸਿਧਾਂਤਿਕ ਤੌਰ ‘ਤੇ ਅਹਿੰਸਕ ਵਿਦਰੋਹ ਸੀ। ਇਕ ਅਮਰੀਕੀ ਫ਼ਿਲਮਕਾਰ ਏ.ਐਲ. ਵਰਗਿਸ (A.L.Verges) ਨੇ ਇਹਨਾਂ ਕਾਰਵਾਈਆਂ ਤੇ ਐਕਸਕਲੁਸਿਵ ਪਿਕਚਰ ਆਫ਼ ਇੰਡੀਆਜ਼ ਮਾਰਟੀਡਮ (Enclusive Picture of India's Martyrdom) ਦੇ ਸਿਰਲੇਖ ਅਧੀਨ ਇਕ ਫ਼ਿਲਮ ਤਿਆਰ ਕੀਤੀ। ਅੰਗਰੇਜ਼ ਮਿਸ਼ਨਰੀ/ਧਰਮ ਪ੍ਰਚਾਰਕ ਅਤੇ ਵਿੱਦਿਆਵੇਤਾ ਸੀ.ਐਫ਼. ਐਡਰਿਊਜ਼ (1871-1940) (C.F. Andrews) ਗੁਰੂ ਕਾ ਬਾਗ਼ ਗਿਆ ਅਤੇ ਵੇਖਿਆ ਅਤੇ ਜਿਵੇਂ ਉਸਨੇ ਬਿਆਨ ਕੀਤਾ ਉਹ ਇਹ ਹੈ ਕਿ ਅਨੇਕਾਂ ਹੀ ਈਸਾ ਮਸੀਹਾ ‘ਤੇ ਅਤਿਆਚਾਰ ਕੀਤਾ ਜਾ ਰਿਹਾ ਹੈ। 12 ਸਤੰਬਰ 1922 ਨੂੰ ਉਸਨੇ ਆਪਣੀ ਅੱਖੀਂ ਜੋ ਦੇਖਿਆ ਉਸ ਸਾਰੇ ਦਾ ਵਿਸਤਾਰਪੂਰਬਕ ਬਿਓਰਾ ਪ੍ਰੈਸ ਨੂੰ ਭੇਜ ਦਿੱਤਾ:

ਇਹ ਇਕ ਅਜਿਹਾ ਨਜ਼ਾਰਾ ਸੀ ਜਿਸਨੂੰ ਮੈਂ ਦੁਬਾਰਾ ਕਦੇ ਵੀ ਦੇਖਣ ਦੀ ਇੱਛਾ ਨਹੀਂ ਕਰ ਸਕਦਾ। ਇਹ ਨਜ਼ਾਰਾ ਕਿਸੇ ਵੀ ਅੰਗਰੇਜ਼ ਲਈ ਨਾ ਮੰਨਣਯੋਗ ਸੀ। ਉੱਥੇ ਕਾਲੀਆਂ ਪਗੜੀਆਂ ਬੰਨ੍ਹੀ ਚਾਰ ਅਕਾਲੀ ਸਿੱਖ ਤਕਰੀਬਨ ਇਕ ਦਰਜਨ ਪੁਲਿਸ ਦੇ ਆਦਮੀਆਂ, ਜਿਸ ਵਿਚ ਦੋ ਅੰਗਰੇਜ਼ ਅਫ਼ਸਰ ਵੀ ਸ਼ਾਮਲ ਸਨ, ਉਹਨਾਂ ਦੇ ਸਾਮ੍ਹਣੇ ਸਨ... ਉਹ (ਸਿੱਖ) ਬਿਲਕੁਲ ਸਥਿਰ ਸੀ ਅਤੇ ਬਿਲਕੁਲ ਵੀ ਅੱਗੇ ਨਹੀਂ ਵਧੇ ਸਨ। ਉਹਨਾਂ ਦੇ ਹੱਥ ਅਰਦਾਸ ਲਈ ਜੁੜੇ ਹੋਏ ਸਨ ਅਤੇ ਸਪਸ਼ਟ ਸੀ ਕਿ ਉਹ ਅਰਦਾਸ ਹੀ ਕਰ ਰਹੇ ਸਨ। ਫਿਰ, ਉਹਨਾਂ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ, ਇਕ ਅੰਗਰੇਜ਼ ਨੇ ਆਪਣੀ ਲਾਠੀ , ਜਿਹੜੀ ਪਿੱਤਲ ਦੀ ਮੁੱਠ ਵਾਲੀ ਸੀ, ਦੇ ਸਿਰੇ ਦੀ ਅੱਗੇ ਨੂੰ ਕਰਕੇ ਹੁੱਜ ਮਾਰੀ। ਉਸਨੇ ਇਸ ਨੂੰ ਅੱਗੇ ਨੂੰ ਇਸ ਤਰ੍ਹਾਂ ਹੁੱਜ ਮਾਰੀ ਕਿ ਉਸਦਾ ਹੱਥ ਜਿਸ ਵਿਚ ਲਾਠੀ ਫੜੀ ਹੋਈ ਸੀ ਅਕਾਲੀ ਸਿੱਖ, ਜੋ ਅਰਦਾਸ ਕਰ ਰਿਹਾ ਸੀ, ਦੀ ਹੰਸਲੀ ‘ਤੇ ਪੂਰੇ ਜ਼ੋਰ ਨਾਲ ਜਾ ਵਜਿਆ। ਇਹ ਬਹੁਤ ਬੁਜ਼ਦਿੱਲੀ ਵਾਲਾ ਵਾਰ ਜਾਪ ਰਿਹਾ ਸੀ ਜਿਵੇਂ ਕਿ ਮੈਂ ਉਸਨੂੰ ਵੱਜਦਾ ਵੇਖਿਆ ਸੀ...

ਘਸੁੰਨ ਜਿਹੜਾ ਮੈਂ ਵੱਜਦਾ ਦੇਖਿਆ ਸੀ ਉਹ ਅਕਾਲੀ ਸਿੱਖ ਨੂੰ ਧਰਤੀ ਉੱਤੇ ਡੇਗਣ ਲਈ ਕਾਫ਼ੀ ਸੀ। ਉਸਨੇ ਗੇੜਾ ਖਾਧਾ ਅਤੇ ਹੌਲੀ ਜਿਹੀ ਇਕ ਵਾਰ ਹੋਰ ਉੱਠ ਖੜ੍ਹਾ ਹੋਇਆ, ਅਤੇ ਉਸਨੇ ਫਿਰ ਦੁਬਾਰਾ ਉਸੇ ਪ੍ਰਕਾਰ ਦੀ ਸਜ਼ਾ ਦਾ ਸਾਮ੍ਹਣਾ ਕੀਤਾ। ਬਾਰ-ਬਾਰ ਚਾਰਾਂ ਵਿਚੋਂ ਇਕ ਜਿਹੜਾ ਅੱਗੇ ਜਾਂਦਾ ਸੀ ਉਸਨੂੰ ਕਦੇ ਅੰਗਰੇਜ਼ ਅਫ਼ਸਰ ਤੋਂ ਤੇ ਕਦੇ ਉਸ ਅਫ਼ਸਰ ਦੇ ਅਧੀਨ ਪੁਲਿਸ ਵਾਲੇ ਤੋਂ ਘਸੁੰਨ ਮਾਰ-ਮਾਰ ਕੇ ਜ਼ਮੀਨ ਉੱਤੇ ਮੁੱਧੇ ਮੂੰਹ ਸੁੱਟ ਦਿੱਤਾ ਜਾਂਦਾ ਸੀ। ਹੋਰਾਂ ਨੂੰ ਜਲਦੀ ਹੀ ਪਛਾੜ ਦਿੱਤਾ ਗਿਆ ਸੀ... ਮੈਂ ਆਪਣੀ ਅੱਖੀਂ ਵੇਖਿਆ ਸੀ ਕਿ ਇਹਨਾਂ ਵਿਚੋਂ ਇਕ ਪੁਲਿਸ ਵਾਲੇ ਨੇ ਇਕ ਸਿੱਖ ਦੇ ਢਿੱਡ ਵਿਚ ਲੱਤ ਮਾਰੀ ਸੀ ਜੋ ਉਸਦੇ ਸਾਮ੍ਹਣੇ ਬੇਚਾਰਗੀ ਨਾਲ ਖਲ੍ਹੋਤਾ ਸੀ। ਜਦੋਂ ਅਕਾਲੀ ਸਿੱਖਾਂ ਵਿਚੋਂ ਇਕ ਨੂੰ ਜ਼ਮੀਨ ਤੇ ਜ਼ੋਰ ਨਾਲ ਡੇਗਿਆ ਅਤੇ ਉਹ ਮੁੱਧੇ ਮੂੰਹ ਡਿੱਗ ਪਿਆ, ਤਾਂ ਇਕ ਪੁਲਿਸ ਦੇ ਸਿਪਾਹੀ ਨੇ ਮੁੱਧੇ ਪਏ ਆਦਮੀ ਦੇ ਗਰਦਨ ਅਤੇ ਮੋਢਿਆਂ ਦੇ ਵਿਚਕਾਰ ਜ਼ੋਰ ਦੀ ਲੱਤ ਮਾਰੀ।

ਉਹਨਾਂ ਨੇ ਪਰਮਾਤਮਾ ਨਾਲ ਜਿਹੜਾ ਵਾਅਦਾ ਕੀਤਾ ਸੀ ਉਸਨੂੰ ਕਾਇਮ ਰੱਖਿਆ। ਮੈਂ ਵਿਰੋਧਤਾ ਦੀ ਕੋਈ ਕਾਰਵਾਈ ਨਹੀਂ ਦੇਖੀ। ਇਹ ਉਹਨਾਂ ਲਈ ਸੱਚੀ ਸ਼ਹਾਦਤ ਸੀ ਜਿਵੇਂ ਕਿ ਉਹ ਇਕ ਸੱਚੇ ਸਿਦਕ ਵਾਲੇ ਅਤੇ ਪਰਮਾਤਮਾ ਨੂੰ ਸੱਚੀ ਸ਼ਰਧਾ ਵਾਲੇ ਕੰਮ ਲਈ ਅੱਗੇ ਵਧੇ ਸੀ।

ਉਹਨਾਂ ਦਾ ਪੱਕਾ ਯਕੀਨ ਸੀ ਕਿ ਉਹਨਾਂ ਦਾ ਗੁਰੂ ਕੇ ਬਾਗ਼ ਵਿਚੋਂ ਲੱਕੜੀਆਂ ਕੱਟਣ ਦਾ ਅਧਿਕਾਰ ਬਹੁਤ ਪੁਰਾਣਾ ਧਾਰਮਿਕ ਅਧਿਕਾਰ ਸੀ, ਅਤੇ ਉਹਨਾਂ ਦੇ ਇਸ ਵਿਸ਼ਵਾਸ ਨੂੰ ਸੱਚਿਆਈ ਲਈ ਯਕੀਨੀ ਗਿਣਿਆ ਜਾਵੇ, ਭਾਵੇਂ ਜੋ ਵੀ ਦੋਸ਼ਪੂਰਨ ਅਤੇ ਪੁਰਾਣਾ ਕਾਨੂੰਨ , ਚਾਹੇ ਨਿਸ਼ਚਿਤ ਕੀਤਾ ਜਾਵੇ ਜਾਂ ਕਾਨੂੰਨ ਦੇ ਸੰਬੰਧੀ ਨਿਸ਼ਚਿਤ ਕਰਨ ਵਿਚ ਅਸਫ਼ਲ ਹੋਵੇ...

     ਸਰ ਐਡਵਰਡ ਮੈਕਲਗਨ (Sir Edward Maclagan), ਪੰਜਾਬ ਦਾ ਲੈਂਫ਼ਟੀਨੈਂਟ-ਗਵਰਨਰ 13 ਸਤੰਬਰ 1922 ਵਿਚ ਗੁਰੂ ਕਾ ਬਾਗ਼ ਆਇਆ। ਉਸਦੇ ਹੁਕਮਾਂ ਅਧੀਨ ਵਲੰਟੀਅਰਾਂ ਦੀ ਮਾਰ-ਕੁਟਾਈ ਬੰਦ ਹੋ ਗਈ। ਵੱਡੀ ਗਿਣਤੀ ਵਿਚ ਗ੍ਰਿਫ਼ਤਾਰੀਆਂ, ਜੇਲ੍ਹਾਂ, ਭਾਰੀ ਹਰਜਾਨੇ ਅਤੇ ਜ਼ਾਇਦਾਦਾਂ ਦੀ ਕੁਰਕੀ ਹੋਣੀ ਸ਼ੁਰੂ ਹੋ ਗਈ। ਅਕਤੂਬਰ ਦੇ ਪਹਿਲੇ ਹਫ਼ਤੇ ਵਿਚ, ਗਵਰਨਰ-ਜਨਰਲ ਲਾਰਡ ਰਿਡਿੰਗ ਨੇ ਪੰਜਾਬ ਦੇ ਗਵਰਨਰ ਨਾਲ ਸ਼ਿਮਲਾ ਵਿਖੇ ਇਸ ਮੁਸ਼ਕਲ ਦਾ ਹੱਲ ਕੱਢਣ ਲਈ ਵਿਚਾਰ- ਵਟਾਂਦਰਾ ਕੀਤਾ। ਇਕ ਅਸਰ-ਰਸੂਖ ਵਾਲੇ ਧਨੀ ਰਿਟਾਇਰਡ ਇੰਜੀਨੀਅਰ ਸਰ ਗੰਗਾ ਰਾਮ ਦਾ ਇਸ ਪਰਿਸਥਿਤੀ ਨੂੰ ਸੁਲਝਾਉਣ ਵਿਚ ਉਪਯੋਗ ਕੀਤਾ ਗਿਆ। ਸਰ ਗੰਗਾ ਰਾਮ ਨੇ 17 ਨਵੰਬਰ 1922 ਨੂੰ ਮਹੰਤ ਸੁੰਦਰ ਦਾਸ ਤੋਂ ਬਾਗ਼ ਦੀ ਜ਼ਮੀਨ ਦੇ 524 ਕਨਾਲ ਅਤੇ 12 ਮਰਲੇ ਲੀਜ਼ ‘ਤੇ ਪ੍ਰਾਪਤ ਕੀਤੇ ਅਤੇ ਅਕਾਲੀਆਂ ਨੂੰ ਇਸ ਵਿਚ ਜਾਣ ਦੀ ਖੁੱਲ੍ਹ ਦੇ ਦਿੱਤੀ। 27 ਅਪ੍ਰੈਲ 1923 ਨੂੰ ਪੰਜਾਬ ਸਰਕਾਰ ਨੇ ਕੈਦੀਆਂ ਦੀ ਗਿਣਤੀ ਲਈ ਹੁਕਮ ਜਾਰੀ ਕਰ ਦਿੱਤੇ। ਇਸ ਤਰ੍ਹਾਂ, ਗੁਰੂ ਕਾ ਬਾਗ਼ ਮੋਰਚਾ ਦਾ ਅੰਤ ਹੋਇਆ ਜਿਸ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਅਨੁਸਾਰ, 5,605 ਸਿੱਖ ਜੇਲ੍ਹ ਵਿਚ ਗਏ ਸਨ।


ਲੇਖਕ : ਰਾ.ਸ. ਅਤੇ ਅਨੁ.: ਜ.ਪ.ਕ.ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.